ਰਸੋਈ ਗੈਸ, ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੀ ਮਾਨ ਦਲ ਨੇ ਕੀਤੀ ਸਖ਼ਤ ਨਿਖੇਧੀ..

 

(DIN Beuro) ਫਗਵਾੜਾ:- 13 ਮਈ 2022 ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਦਾ ਜੀਵਨ ਨਿਰਬਾਹ ਕਰਨਾ ਮੁਸ਼ਕਲ ਕੀਤਾ ਹੋਇਆ ਹੈ ਜਿਸਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਹੋਇਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦੋਆਬਾ ਜੋਨ ਦੇ ਇੰਚਾਰਜ ਜੱਥੇਦਾਰ ਰਜਿੰਦਰ ਸਿੰਘ ਫੌਜੀ, ਯੂਥ ਇੰਚਾਰਜ ਹਲਕਾ ਫਗਵਾੜਾ ਕੁਲਦੀਪ ਸਿੰਘ ਨੂਰ, ਸ਼ਹਿਰੀ ਪ੍ਰਧਾਨ ਰੇਸ਼ਮ ਸਿੰਘ ਪੱਪੀ, ਪ੍ਰੈਸ ਸਕੱਤਰ ਨਰਿੰਦਰ ਸੈਣੀ ਆਦਿ ਨੇ ਕਿਹਾ ਕਿ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਸਰਕਾਰਾਂ ਵੱਲੋਂ ਪਿੱਛਲੇ ਮਹੀਨਿਆਂ ਤੋਂ ਬੇਹਤਾਸ਼ਾ ਵਾਧਾ ਕੀਤਾ ਜਾ ਰਿਹਾ ਹੈ। ਰਸੋਈ ਗੈਸ ਦੀ ਕੀਮਤ ਵਿੱਚ 50 ਰੁਪਏ ਦਾ ਇਕੋ ਵਾਰ ਵਾਧਾ ਕਰਨ ਨਾਲ ਘਰੇਲੂ ਗੈਸ ਸਿਲੰਡਰ ਦੀ ਕੀਮਤ 1010 ਰੁਪਏ ਤੇ ਪਹੁੰਚ ਗਈ ਹੈ ਜੋ ਕਿ ਆਮ ਪਰਿਵਾਰ ਵਾਸਤੇ ਬੇਹੱਦ ਮਹਿੰਗਾ ਹੈ ਕੀ ਇਹੀ ਬਦਲਾਅ ਕਰਨਾ ਸੀ ਭਗਵੰਤ ਮਾਨ ਦੀ ਸਰਕਾਰ ਨੇ। ਆਗੂਆਂ ਨੇ ਅੱਗੇ ਕਿਹਾ ਕਿ ਇਸੇ ਤਰ੍ਹਾਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਰਹੀਆਂ ਹਨ, ਜਿਸ ਕਾਰਨ ਬੱਸ ਸਫ਼ਰ, ਰੇਲ ਸਫ਼ਰ, ਗੱਡੀਆਂ, ਟੈਕਸੀਆਂ ਤੇ ਆਟੋ ਰਿਕਸ਼ਾ ਵਗ਼ਰਾ ਦੇ ਕਿਰਾਏ ਵਿਚ ਬੇਲੋੜਾ ਵਾਧਾ ਕਰ ਦਿੱਤਾ ਗਿਆ ਹੈ ਜੋ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਬਾਹਰ ਹੈ। ਜੱਥੇਦਾਰ ਰਜਿੰਦਰ ਸਿੰਘ ਫੌਜੀ, ਕੁਲਦੀਪ ਸਿੰਘ ਨੂਰ, ਰੇਸ਼ਮ ਸਿੰਘ ਪੱਪੀ, ਨਰਿੰਦਰ ਸੈਣੀ ਆਦਿ ਨੇ ਕਿਹਾ ਕਿ ਖੇਤੀ ‘ਚ ਕਿਸਾਨ ਭਰਾਵਾਂ ਨੂੰ ਬਿਜਲੀ ਸਪਲਾਈ ਪੂਰੀ ਨਾ ਮਿਲਣ ਕਾਰਨ ਡੀਜ਼ਲ ਦੀ ਬਹੁਤ ਵੱਡੀ ਖਪਤ ਹੋਣ ਕਰਕੇ ਪਹਿਲਾਂ ਤੋਂ ਹੀ ਆਰਥਿਕ ਮੰਦਹਾਲੀ ਵਿਚ ਗੁਜ਼ਰ ਰਹੀ ਪੰਜਾਬ ਦੀ ਕਿਰਸਾਨੀ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਇਸ ਗੱਲ ਦੀ ਬੜੀ ਹੈਰਾਨੀ ਹੈ ਕਿ ਪੰਜਾਬ ਵਿੱਚ ਬਦਲਾਅ ਕਰਨ ਦਾ ਢੰਡੋਰਾ ਪਿੱਟਕੇ ਸੱਤਾ ਤੇ ਕਾਬਜ਼ ਹੋਈ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਅਤੇ ਲੋਕ ਅਤੇ ਕਿਰਸਾਨ ਮਾਰੂ ਨੀਤੀਆਂ ਕਰਕੇ ਜਾਣੀ ਜਾਂਦੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇੱਕ ਗਿਣੇ ਮਿਥੇ ਮੁਕਾਬਲੇ ਤਹਿਤ ਇੱਕ ਦੂਜੇ ਤੋਂ ਅੱਗੇ ਵੱਧਕੇ ਡੀਜ਼ਲ ਤੇ ਪੈਟਰੋਲ ਤੇ ਬੇਲੋੜਾ, ਤੇ ਬੇਹਿਸਾਬਾ ਟੈਕਸ ਲਗਾਇਆ ਜਾ ਰਿਹਾ ਹੈ। ਇਸ ਟੈਕਸ ਕਰਕੇ ਭਾਵੇਂ ਹੀ ਦੋਵਾਂ ਸਰਕਾਰਾਂ ਦੇ ਖਜ਼ਾਨੇ ਨੂੰ ਚੋਖੀ ਆਮਦਨ ਤਾਂ ਜ਼ਰੂਰ ਹੋ ਰਹੀ ਪਰ ਜਿੱਥੇ ਆਮ ਲੋਕਾਂ ਦਾ ਜੀਵਨ ਨਿਰਬਾਹ ਕਰਨਾ ਮੁਸ਼ਕਲ ਹੈ ਉੱਥੇ ਹੀ ਕਿਰਸਾਨੀ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਮੂਹ ਆਗੂਆਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਜਿਵੇਂ ਉਹਨਾਂ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਜਨਤਾ ਨਾਲ ਜੋ ਵਾਅਦੇ ਕੀਤੇ ਸੀ ਉਹਨਾਂ ਮੁਤਾਬਕ ਪੰਜਾਬ ਵਿੱਚ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਉੱਪਰ ਲਗਾਏ ਜਾ ਰਹੇ ਟੈਕਸਾਂ ਵਿੱਚ ਤੁਰੰਤ ਕਟੌਤੀ ਕਰੇ ਅਤੇ ਨਾਲ ਹੀ ਕੇਂਦਰ ਸਰਕਾਰ ਨੂੰ ਵੀ ਆਪਣੇ ਟੈਕਸ ਘੱਟ ਕਰਨ ਲਈ ਦਬਾਅ ਪਾਵੇ ਤਾਂ ਜੋ ਆਮ ਜਨਤਾ ਨੂੰ ਸੁੱਖ ਦਾ ਸਾਹ ਮਿਲ ਸਕੇ।

Leave a Comment