ਜਲੰਧਰ ਪੁਲਿਸ ਦੀ ਛਵੀ ਨੂੰ ਲੱਗੀ ਠੇਸ, ਡਿਊਟੀ ਸਮੇਂ ਵਰਦੀ ਵਿੱਚ ਸ਼ਰੇਆਮ ਸ਼ਰਾਬ ਪੀਂਦੇ ਪੁਲਿਸ ਕਰਮੀ ਕੈਮਰੇ ‘ਚ ਕੈਦ
ਜਲੰਧਰ ਪੁਲਿਸ ਕਮਿਸ਼ਨਰ ਜੀ ਵੱਲੋਂ ਨਹੀਂ ਕੀਤੀ ਜਾ ਰਹੀ ਕੋਈ ਇਹਨਾਂ ਉੱਪਰ ਕਾਰਵਾਈ
ਜਲੰਧਰ: 1 ਜਨਵਰੀ 2026 (DIN Beauro) ਅੱਜ ਜਲੰਧਰ ਵਿਚ ਇੱਕ ਪਾਸੇ ਪੰਜਾਬ ਪੁਲਿਸ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਦੇ ਦਾਅਵੇ ਕਰ ਰਹੀ ਹੈ, ਉੱਥੇ ਹੀ ਜਲੰਧਰ ਵਿੱਚ ਕੁਝ ਗੈਰ-ਜ਼ਿੰਮੇਵਾਰ ਪੁਲਿਸ ਕਰਮਚਾਰੀਆਂ ਵੱਲੋਂ ਵਿਭਾਗ ਦੀ ਛਵੀ ਨੂੰ ਸ਼ਰੇਆਮ ਦਾਗ਼ਦਾਰ ਕੀਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਮਾਨਯੋਗ ਪੁਲਿਸ ਕਮਿਸ਼ਨਰ ਜਲੰਧਰ ਦਫ਼ਤਰ ਦੇ ਬਿਲਕੁਲ ਸਾਹਮਣੇ ਤੋਂ ਸਾਹਮਣੇ ਆਇਆ ਹੈ, ਜਿੱਥੇ ਡਿਊਟੀ ਸਮੇਂ ਦੌਰਾਨ ਦੋ ਪੁਲਿਸ ਕਰਮੀ ਵਰਦੀ ਵਿੱਚ ਹੀ ਸਰਵਜਨਿਕ ਥਾਂ ‘ਤੇ ਸ਼ਰਾਬ ਦਾ ਸੇਵਨ ਕਰਦੇ ਪਾਏ ਗਏ। ਜਾਣਕਾਰੀ ਮੁਤਾਬਕ ਇਹ ਘਟਨਾ ਉਸ ਜਗ੍ਹਾ ‘ਤੇ ਵਾਪਰੀ, ਜੋ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਧਰਨਾ–ਪ੍ਰਦਰਸ਼ਨ ਲਈ ਸ਼ਡੀ ਗਈ ਹੈ। ਇੱਥੇ ਡਿਊਟੀ ਸਮੇਂ ਦੌਰਾਨ ਤਾਇਨਾਤ ਦੋ ਪੁਲਿਸ ਕਰਮੀ, ਜੋ ਆਪਣੇ ਆਪ ਨੂੰ ਜਲੰਧਰ ਪੁਲਿਸ ਕਮਿਸ਼ਨਰ ਦਫ਼ਤਰ ਵਿੱਚ ਤਾਇਨਾਤ ਦੱਸ ਰਹੇ ਸਨ, ਬਿਨਾਂ ਕਿਸੇ ਲਾਇਸੰਸੀ ਥਾਂ ਦੇ ਸ਼ਰੇਆਮ ਭੀੜ-ਭਾੜ ਵਾਲੇ ਇਲਾਕੇ ਵਿੱਚ ਸ਼ਰਾਬ ਪੀ ਰਹੇ ਸਨ। ਇਨ੍ਹਾਂ ਵਿੱਚੋਂ ਇੱਕ ਪੁਲਿਸ ਕਰਮੀ ਨੇ ਆਪਣਾ ਨਾਮ ਜਤਿੰਦਰ ਪਾਲ ਦੱਸਿਆ, ਜਿਸ ਦੀ ਐਕਟੀਵਾ ਦਾ ਨੰਬਰ PB08 BW 0897 ਹੈ, ਜਦਕਿ ਦੂਸਰਾ ਪੁਲਿਸ ਕਰਮੀ ਵਰਦੀ ਵਿੱਚ ਹੀ ਮੌਜੂਦ ਸੀ, ਜਿਸ ਦੀ ਐਕਟੀਵਾ ਦਾ ਨੰਬਰ PB08 EH 1936 ਦੱਸਿਆ ਜਾ ਰਿਹਾ ਹੈ। ਦੋਨੋਂ ਹੀ ਡਿਊਟੀ ਸਮੇਂ ਵਰਦੀ ਵਿੱਚ ਸਨ, ਜੋ ਕਿ ਪੁਲਿਸ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਮੌਕੇ ‘ਤੇ ਮੌਜੂਦ ਕ੍ਰਾਂਤੀਕਾਰੀ ਪ੍ਰੈਸ ਕਲੱਬ ਅਤੇ ਏਕਤਾ ਪ੍ਰੈਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਇਸ ਗੈਰਕਾਨੂੰਨੀ ਕਿਰਿਆ ਦਾ ਤੁਰੰਤ ਵਿਰੋਧ ਵੀ ਕੀਤਾ ਗਿਆ। ਪ੍ਰੈਸ ਜਥੇਬੰਦੀਆਂ ਦਾ ਕਹਿਣਾ ਹੈ ਕਿ ਡਿਊਟੀ ਦੌਰਾਨ ਵਰਦੀ ਵਿੱਚ ਸ਼ਰਾਬ ਪੀਣਾ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਹੈ, ਸਗੋਂ ਇਸ ਨਾਲ ਆਮ ਲੋਕਾਂ ਵਿੱਚ ਪੁਲਿਸ ਪ੍ਰਤੀ ਭਰੋਸਾ ਵੀ ਟੁੱਟਦਾ ਹੈ। ਪ੍ਰੈਸ ਜਥੇਬੰਦੀਆਂ ਵੱਲੋਂ ਮਾਨਯੋਗ ਪੁਲਿਸ ਕਮਿਸ਼ਨਰ ਜਲੰਧਰ ਕੋਲ ਮੰਗ ਕੀਤੀ ਗਈ ਹੈ ਕਿ ਉਕਤ ਦੋਨੋਂ ਪੁਲਿਸ ਕਰਮਚਾਰੀਆਂ ਖ਼ਿਲਾਫ਼ ਤੁਰੰਤ ਜਾਂਚ ਕਰਵਾ ਕੇ ਸਖ਼ਤ ਤੋਂ ਸਖ਼ਤ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇ। ਨਾਲ ਹੀ ਇਹ ਵੀ ਮੰਗ ਕੀਤੀ ਗਈ ਹੈ ਕਿ ਡਿਊਟੀ ਸਮੇਂ ਵਰਦੀ ਵਿੱਚ ਸ਼ਰਾਬ ਪੀਣ ਵਾਲੇ ਇਨ੍ਹਾਂ ਕਰਮਚਾਰੀਆਂ ਨੂੰ ਡਿਸਮਿਸ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਕੋਈ ਵੀ ਪੁਲਿਸ ਕਰਮੀ ਇਸ ਤਰ੍ਹਾਂ ਦੀ ਹਰਕਤ ਕਰਨ ਦੀ ਹਿੰਮਤ ਨਾ ਕਰੇ। ਇਸ ਮਾਮਲੇ ਸਬੰਧੀ ਦੋਨੋਂ ਪੁਲਿਸ ਕਰਮਚਾਰੀਆਂ ਦੀਆਂ ਤਸਵੀਰਾਂ ਵੀ ਮੌਜੂਦ ਹਨ, ਜੋ ਅਟੈਚਮੈਂਟ ਵਜੋਂ ਸਬੂਤ ਤੌਰ ‘ਤੇ ਸੰਬੰਧਤ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਸ ਗੰਭੀਰ ਮਾਮਲੇ ‘ਤੇ ਕਦੋਂ ਅਤੇ ਕਿਹੋ ਜਿਹੀ ਕਾਰਵਾਈ ਕਰਦਾ ਹੈ।
