ਅਲਾਵਲਪੁਰ ਵਿੱਚ ਨਜਾਇਜ਼ ਕਲੋਨੀ ਕੱਟਣ ਦਾ ਮਾਮਲਾ ਗੰਭੀਰ, ਪ੍ਰੈਸ ਜਥੇਬੰਦੀਆਂ ਨੇ CM ਆਫਿਸ ਸਮੇਤ ਉੱਚ ਅਧਿਕਾਰੀਆਂ ਕੋਲ ਕੀਤੀ ਸ਼ਿਕਾਇ
ਜਲੰਧਰ: 4 ਜਨਵਰੀ 2026 (DIN Beauro) ਅੱਜ ਪਿੰਡ ਅਲਾਵਲਪੁਰ (ਨਗਰ ਕੌਂਸਲ ਅਲਾਵਲਪੁਰ) ਵਿੱਚ ਸ਼ਰੇਆਮ ਨਜਾਇਜ਼ ਕਲੋਨੀ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬਿਨਾਂ ਕਿਸੇ ਕਾਨੂੰਨੀ ਮਨਜ਼ੂਰੀ ਦੇ ਸੜਕਾਂ ਤਿਆਰ ਕਰਕੇ ਪਲਾਟਾਂ ਦੀ ਖੁੱਲ੍ਹੇਆਮ ਵਿਕਰੀ ਕੀਤੀ ਜਾ ਰਹੀ ਹੈ। ਇਹ ਨਜਾਇਜ਼ ਕਲੋਨੀ ਅਲਾਵਲਪੁਰ ਨਗਰ ਕੌਂਸਲ ਲੰਘਦੇ ਸਾਰ ਹੀ ਖੱਬੇ ਹੱਥ ਜਾਂਦੇ ਰਸਤੇ ‘ਤੇ ਲਗਭਗ 200 ਕਦਮ ਦੀ ਦੂਰੀ ‘ਤੇ ਸੱਜੇ ਪਾਸੇ ਸ਼ਿਵ ਮੰਦਰ ਨਾਥਾਂ ਦੀ ਖੂਹੀ ਦੇ ਸਾਹਮਣੇ ਕੱਟੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਕਲੋਨੀ ਬਿਨਾਂ ਨਕਸ਼ਾ ਪਾਸ ਕਰਵਾਏ, ਬਿਨਾਂ ਸੀਐਲਯੂ (CLU) ਅਤੇ ਬਿਨਾਂ ਕਿਸੇ ਮਨਜ਼ੂਰੀ ਦੇ ਤਿਆਰ ਕੀਤੀ ਜਾ ਰਹੀ ਹੈ। ਕਲੋਨਾਈਜ਼ਰ ਵੱਲੋਂ ਲੋਕਾਂ ਨੂੰ ਗੁਮਰਾਹ ਕਰਦੇ ਹੋਏ ਇਹ ਕਹਿ ਕੇ ਪਲਾਟ ਵੇਚੇ ਜਾ ਰਹੇ ਹਨ ਕਿ ਕਲੋਨੀ ਦੀ ਫਾਈਲ ਪਾਸਿੰਗ ਲਈ ਦਿੱਤੀ ਹੋਈ ਹੈ, ਜਦਕਿ ਕਾਨੂੰਨ ਅਨੁਸਾਰ ਜਦ ਤੱਕ ਕਲੋਨੀ ਪੂਰੀ ਤਰ੍ਹਾਂ ਮਨਜ਼ੂਰ ਨਹੀਂ ਹੁੰਦੀ, ਨਾ ਤਾਂ ਸੜਕਾਂ ਬਣ ਸਕਦੀਆਂ ਹਨ ਅਤੇ ਨਾ ਹੀ ਪਲਾਟਾਂ ਦੀ ਵਿਕਰੀ ਕੀਤੀ ਜਾ ਸਕਦੀ ਹੈ। ਇਸ ਨਜਾਇਜ਼ ਕਲੋਨੀ ਨੂੰ ਜ਼ਿਲ੍ਹਾ ਕਪੂਰਥਲਾ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਕੱਟਿਆ ਜਾ ਰਿਹਾ ਦੱਸਿਆ ਜਾ ਰਿਹਾ ਹੈ। ਇਸ ਪੂਰੇ ਮਾਮਲੇ ਨਾਲ ਸਰਕਾਰ ਦੇ ਰੈਵਨਿਊ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ ਅਤੇ ਆਮ ਲੋਕਾਂ ਨਾਲ ਵੱਡੀ ਧੋਖਾਧੜੀ ਦਾ ਖਤਰਾ ਵੀ ਬਣਿਆ ਹੋਇਆ ਹੈ। ਇਸ ਗੰਭੀਰ ਮਾਮਲੇ ਨੂੰ ਲੈ ਕੇ ਕ੍ਰਾਂਤੀਕਾਰੀ ਪ੍ਰੈਸ ਕਲੱਬ ਅਤੇ ਏਕਤਾ ਪ੍ਰੈਸ ਐਸੋਸੀਏਸ਼ਨ ਵੱਲੋਂ ਉੱਚ ਪੱਧਰ ‘ਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪ੍ਰੈਸ ਜਥੇਬੰਦੀਆਂ ਨੇ ਇਸ ਨਜਾਇਜ਼ ਕਲੋਨੀ ਖਿਲਾਫ CM Office Punjab, Department of Local Government Punjab ਅਤੇ Lokpal Punjab (ਚੰਡੀਗੜ੍ਹ) ਨੂੰ ਲਿਖਤੀ ਸ਼ਿਕਾਇਤ ਭੇਜ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰੈਸ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਸ ਨਜਾਇਜ਼ ਕਲੋਨੀ ‘ਤੇ ਕਾਰਵਾਈ ਨਾ ਕੀਤੀ ਗਈ ਤਾਂ ਕਲੋਨਾਈਜ਼ਰ ਲੋਕਾਂ ਤੋਂ ਪੈਸਾ ਵਸੂਲ ਕਰਕੇ ਫਰਾਰ ਹੋ ਸਕਦਾ ਹੈ ਅਤੇ ਬਾਅਦ ਵਿੱਚ ਸਾਰਾ ਬੋਝ ਸਰਕਾਰ ਅਤੇ ਆਮ ਲੋਕਾਂ ‘ਤੇ ਆਵੇਗਾ। ਉਹਨਾਂ ਨੇ ਮੰਗ ਕੀਤੀ ਹੈ ਕਿ ਨਜਾਇਜ਼ ਸੜਕਾਂ ਅਤੇ ਉਸਾਰੀ ਨੂੰ ਤੁਰੰਤ ਡਿਮੋਲਿਸ਼ ਕੀਤਾ ਜਾਵੇ, ਕਲੋਨੀ ਦੀ ਵਿਕਰੀ ਅਤੇ ਰਜਿਸਟਰੀਆਂ ‘ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਦੋਸ਼ੀਆਂ ਖਿਲਾਫ ਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹੁਣ ਦੇਖਣਾ ਇਹ ਹੋਵੇਗਾ ਕਿ ਸੰਬੰਧਤ ਵਿਭਾਗ ਅਤੇ ਉੱਚ ਅਧਿਕਾਰੀ ਇਸ ਗੰਭੀਰ ਮਾਮਲੇ ‘ਤੇ ਕਦੋਂ ਅਤੇ ਕਿਹੋ ਜਿਹੀ ਕਾਰਵਾਈ ਕਰਦੇ ਹਨ।
