ਸ਼ੇਰ ਸਿੰਘ ਕਲੋਨੀ ਦੀ ਕੋਠੀ ਬਣੀ ਗੰਦੀ ਕਮਾਈ ਦਾ ਕੇਂਦਰ, ਪੁਲਿਸ ਦੀ ਚੁੱਪੀ ‘ਤੇ ਸਵਾਲ
ਜਲੰਧਰ:- 23 ਜਨਵਰੀ 2026 (DIN Beauro) ਜਲੰਧਰ ਵੈਸਟ ਦੇ ਬਸਤੀ ਬਾਵਾ ਖੇਲ ਥਾਣੇ ਦੇ ਅਧੀਨ ਆਉਂਦੇ ਇਲਾਕੇ ਸ਼ੇਰ ਸਿੰਘ ਕਲੋਨੀ ਅੰਦਰ ਸ਼ਰੇਆਮ ਦੇਹ ਵਪਾਰ ਦਾ ਅੱਡਾ ਚੱਲਣ ਦੀ ਗੱਲ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਗੁਰੂ ਰਾਮਦਾਸ ਇਨਕਲੇਵ ਵਿੱਚ ਸਥਿਤ ਇੱਕ ਕੋਠੀ ਦੇ ਅੰਦਰ ਖੁੱਲ੍ਹੇਆਮ ਦੇਹ ਵਪਾਰ ਚੱਲ ਰਿਹਾ ਹੈ, ਜਿਸ ਬਾਰੇ ਇਲਾਕੇ ਦੇ ਲੋਕਾਂ ਨੂੰ ਪੂਰੀ ਜਾਣਕਾਰੀ ਹੈ, ਪਰ ਪੁਲਿਸ ਪ੍ਰਸ਼ਾਸਨ ਦੀ ਖਾਮੋਸ਼ੀ ਕਈ ਗੰਭੀਰ ਸਵਾਲ ਖੜੇ ਕਰ ਰਹੀ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇਸ ਕੋਠੀ ਵਿੱਚ ਲੰਬੇ ਸਮੇਂ ਤੋਂ ਨੌਜਵਾਨ ਕੁੜੀਆਂ ਰੱਖ ਕੇ ਸਸਤੇ ਰੇਟਾਂ ‘ਤੇ ਉਨ੍ਹਾਂ ਦੀ “ਬੋਲੀ” ਲਗਾਈ ਜਾਂਦੀ ਹੈ। ਦਿਨ ਦਿਹਾੜੇ ਅਤੇ ਰਾਤ ਦੇ ਹਨੇਰੇ ਵਿੱਚ ਬਾਹਰਲੇ ਇਲਾਕਿਆਂ ਤੋਂ ਆਉਣ ਵਾਲੇ ਲੋਕਾਂ ਦੀ ਆਵਾਜਾਈ ਸਾਫ਼ ਦਿਖਾਈ ਦਿੰਦੀ ਹੈ, ਜਿਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਇਹ ਕੋਈ ਲੁਕਿਆ ਹੋਇਆ ਰਾਜ਼ ਨਹੀਂ, ਸਗੋਂ ਸਭ ਦੀਆਂ ਅੱਖਾਂ ਸਾਹਮਣੇ ਚੱਲਦਾ ਗੈਰਕਾਨੂੰਨੀ ਕਾਰੋਬਾਰ ਹੈ। ਇਲਾਕੇ ਦੇ ਲੋਕ ਸਿੱਧਾ ਸਵਾਲ ਪੁੱਛ ਰਹੇ ਹਨ ਕਿ ਜਦੋਂ ਪੂਰੇ ਮੁਹੱਲੇ ਨੂੰ ਪਤਾ ਹੈ ਕਿ ਕੋਠੀ ਦੇ ਅੰਦਰ ਦੇਹ ਵਪਾਰ ਦਾ ਅੱਡਾ ਚੱਲ ਰਿਹਾ ਹੈ, ਤਾਂ ਫਿਰ ਬਸਤੀ ਬਾਵਾ ਖੇਲ ਥਾਣੇ ਦੀ ਪੁਲਿਸ ਨੂੰ ਇਹ ਸਭ ਕਿਉਂ ਨਹੀਂ ਦਿਖ ਰਿਹਾ? ਕੀ ਪੁਲਿਸ ਦੀ ਨੀਂਦ ਇਨੀ ਗਹਿਰੀ ਹੈ ਕਿ ਸ਼ਰੇਆਮ ਚੱਲ ਰਹੀ ਗੰਦਗੀ ਵੀ ਨਜ਼ਰ ਨਹੀਂ ਆ ਰਹੀ, ਜਾਂ ਫਿਰ ਇਹ ਚੁੱਪੀ ਕਿਸੇ ਹੋਰ ਕਹਾਣੀ ਵੱਲ ਇਸ਼ਾਰਾ ਕਰ ਰਹੀ ਹੈ? ਲੋਕਾਂ ਦਾ ਗੁੱਸਾ ਇਸ ਗੱਲ ‘ਤੇ ਵੀ ਹੈ ਕਿ ਇਲਾਕੇ ਦੇ ਨੌਜਵਾਨ ਪਹਿਲਾਂ ਹੀ ਨਸ਼ਿਆਂ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ ਅਤੇ ਹੁਣ ਇਸ ਤਰ੍ਹਾਂ ਦੇ ਦੇਹ ਵਪਾਰ ਦੇ ਅੱਡੇ ਉਨ੍ਹਾਂ ਦੀ ਜਵਾਨੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਰਹੇ ਹਨ। ਕਈ ਘਰਾਂ ਵਿੱਚ ਕਲੇਸ਼, ਬਿਮਾਰੀਆਂ ਅਤੇ ਸਮਾਜਿਕ ਬਦਨਾਮੀ ਵਧ ਰਹੀ ਹੈ। ਗੌਰਤਲਬ ਹੈ ਕਿ ਬਸਤੀ ਬਾਵਾ ਖੇਲ ਥਾਣੇ ਦੇ ਅਧੀਨ ਆਉਂਦੇ ਇਲਾਕਿਆਂ ਵਿੱਚ ਪਹਿਲਾਂ ਵੀ ਗੈਰਕਾਨੂੰਨੀ ਸਰਗਰਮੀਆਂ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ, ਪਰ ਹਰ ਵਾਰ ਕਾਰਵਾਈ ਸਿਰਫ ਕਾਗਜ਼ਾਂ ਤੱਕ ਹੀ ਸੀਮਿਤ ਰਹੀ। ਹੁਣ ਜਦੋਂ ਦੇਹ ਵਪਾਰ ਜਿਹੀ ਗੰਭੀਰ ਸਮੱਸਿਆ ਸ਼ਰੇਆਮ ਕੋਠੀ ਦੇ ਅੰਦਰ ਚੱਲ ਰਹੀ ਹੈ, ਤਾਂ ਪੁਲਿਸ ਦੀ ਚੁੱਪੀ ਲੋਕਾਂ ਲਈ ਸਮਝ ਤੋਂ ਬਾਹਰ ਹੈ।
ਆਮ ਜਨਤਾ ਖੁੱਲ੍ਹੇ ਸ਼ਬਦਾਂ ਵਿੱਚ ਕਹਿ ਰਹੀ ਹੈ ਕਿ ਜੇ ਤੁਰੰਤ ਸਖ਼ਤ ਕਾਰਵਾਈ ਨਾ ਹੋਈ, ਤਾਂ ਇਹ ਮਾਮਲਾ ਸਿਰਫ ਇੱਕ ਕੋਠੀ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਪੂਰੇ ਇਲਾਕੇ ਨੂੰ ਗੰਦਗੀ ਦੇ ਅੱਡੇ ਵਿੱਚ ਬਦਲ ਦੇਵੇਗਾ। ਹੁਣ ਦੇਖਣਾ ਇਹ ਹੈ ਕਿ ਬਸਤੀ ਬਾਵਾ ਖੇਲ ਥਾਣਾ ਕਦੋਂ ਆਪਣੀ ਨੀਂਦ ਤੋਂ ਜਾਗਦਾ ਹੈ ਅਤੇ ਸ਼ਰੇਆਮ ਚੱਲ ਰਹੇ ਦੇਹ ਵਪਾਰ ਦੇ ਅੱਡੇ ‘ਤੇ ਨੱਥ ਪਾਂਦਾ ਹੈ ਜਾਂ ਨਹੀਂ।
