ਕਮਿਸ਼ਨਰੇਟ ਜਲੰਧਰ ਦੇ ਵੈਸਟ ਇਲਾਕੇ ਵਿੱਚ ਦੇਹ ਵਪਾਰ ਦਾ ਗੋਰਖ ਧੰਦਾ, ਏਸੀਪੀ ਵੈਸਟ ਤੇ ਐਸਐਚਓ ਭਾਰਗੋ ਕੈਂਪ ‘ਤੇ ਸੂਤਰਾਂ ਵੱਲੋਂ ਗੰਭੀਰ ਸਵਾਲ

ਕਮਿਸ਼ਨਰੇਟ ਜਲੰਧਰ ਦੇ ਵੈਸਟ ਇਲਾਕੇ ਵਿੱਚ ਦੇਹ ਵਪਾਰ ਦਾ ਗੋਰਖ ਧੰਦਾ, ਏਸੀਪੀ ਵੈਸਟ ਤੇ ਐਸਐਚਓ ਭਾਰਗੋ ਕੈਂਪ ‘ਤੇ ਸੂਤਰਾਂ ਵੱਲੋਂ ਗੰਭੀਰ ਸਵਾਲ

ਜਲੰਧਰ:- 27 ਜਨਵਰੀ 2026 (DIN Beauro) ਕਮਿਸ਼ਨਰੇਟ ਦੇ ਅਧੀਨ ਆਉਂਦੇ ਵੈਸਟ ਇਲਾਕੇ ਦੇ ਈਸ਼ਵਰ ਨਗਰ ਵਿੱਚ “ਪੰਡਤਾਣੀ” ਦੇ ਨਾਮ ਹੇਠ ਚੱਲ ਰਹੇ ਕਥਿਤ ਦੇਹ ਵਪਾਰ ਦੇ ਵੱਡੇ ਕਾਰਨਾਮੇ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਸੂਤਰਾਂ ਅਨੁਸਾਰ ਇਹ ਗੋਰਖ ਧੰਦਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਬਿਨਾਂ ਕਿਸੇ ਰੁਕਾਵਟ ਦੇ ਚੱਲ ਰਿਹਾ ਹੈ ਅਤੇ ਇਸ ਦੇ ਪਿੱਛੇ ਵੈਸਟ ਇਲਾਕੇ ਦੇ ਉੱਚ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਹੋਣ ਦੇ ਦੋਸ਼ ਲਗ ਰਹੇ ਹਨ। ਸੂਤਰ ਦੱਸਦੇ ਹਨ ਕਿ ਏਸੀਪੀ ਵੈਸਟ ਅਤੇ ਥਾਣਾ ਭਾਰਗੋ ਕੈਂਪ ਦੇ ਐਸਐਚਓ ਦੀ ਜਾਣਕਾਰੀ ਤੋਂ ਬਿਨਾਂ ਇਹ ਧੰਦਾ ਚੱਲਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਵਾਰ ਪੁਲਿਸ ਵੱਲੋਂ ਰੇਡਾਂ ਵੀ ਕੀਤੀਆਂ ਗਈਆਂ, ਪਰ ਇਹ ਰੇਡਾਂ ਸਿਰਫ਼ ਰਸਮੀ ਸਾਬਤ ਹੋਈਆਂ। ਦੋਸ਼ ਹੈ ਕਿ ਰੇਡ ਦੌਰਾਨ ਲੜਕੀਆਂ ਨੂੰ ਥਾਣੇ ਲਿਜਾਇਆ ਜਾਂਦਾ ਹੈ, ਪਰ ਉੱਥੇ ਕਾਨੂੰਨੀ ਕਾਰਵਾਈ ਦੀ ਥਾਂ “ਸੈਟਿੰਗ” ਕਰਕੇ ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ ਅਤੇ ਕੁਝ ਸਮੇਂ ਬਾਅਦ ਉਹੀ ਅੱਡੇ ਦੁਬਾਰਾ ਚਾਲੂ ਹੋ ਜਾਂਦੇ ਹਨ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਕਥਿਤ ਦੇਹ ਵਪਾਰ ਤੋਂ ਥਾਣੇ ਤੋਂ ਲੈ ਕੇ ਏਸੀਪੀ ਵੈਸਟ ਤੱਕ ਰਿਸ਼ਵਤ ਦੀ ਰਕਮ ਪਹੁੰਚਦੀ ਹੈ। ਰਿਸ਼ਵਤ ਮਹੀਨਾਵਾਰ ਨਹੀਂ, ਸਗੋਂ ਹਫ਼ਤਾਵਾਰ ਤੌਰ ‘ਤੇ ਇਕੱਠੀ ਕੀਤੀ ਜਾਂਦੀ ਹੈ, ਜਿਸ ਕਰਕੇ ਇਹ ਗੈਰਕਾਨੂੰਨੀ ਧੰਦਾ ਬੇਖੌਫ਼ ਹੋ ਕੇ ਫੁੱਲ-ਫਲ ਰਿਹਾ ਹੈ। ਵੱਡਾ ਸਵਾਲ ਇਹ ਹੈ ਕਿ ਜਦੋਂ ਸਭ ਕੁਝ ਖੁੱਲ੍ਹੇਆਮ ਚੱਲ ਰਿਹਾ ਹੈ ਤਾਂ ਫਿਰ ਕਾਨੂੰਨ ਕਿੱਥੇ ਹੈ? ਕੀ ਜਲੰਧਰ ਪੁਲਿਸ ਵੈਸਟ ਇਲਾਕੇ ਵਿੱਚ ਕਾਨੂੰਨ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਿਆ ਹੈ? ਜਾਂ ਫਿਰ ਇਸ ਗੋਰਖ ਧੰਦੇ ਨੂੰ ਸਿਆਸੀ ਤੇ ਪੁਲਿਸੀ ਸੁਰੱਖਿਆ ਹਾਸਲ ਹੈ? ਸ਼ਹਿਰ ਦੇ ਸਮਾਜਿਕ ਅਤੇ ਬੁੱਧੀਜੀਵੀ ਵਰਗ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ, ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੇ ਦੋਸ਼ ਸਾਬਤ ਹੁੰਦੇ ਹਨ ਤਾਂ ਏਸੀਪੀ ਵੈਸਟ ਅਤੇ ਐਸਐਚਓ ਭਾਰਗੋ ਕੈਂਪ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਜਲੰਧਰ ਵਿੱਚ ਕਾਨੂੰਨ ‘ਤੇ ਲੋਕਾਂ ਦਾ ਭਰੋਸਾ ਮੁੜ ਬਹਾਲ ਹੋ ਸਕੇ।

Leave a Reply

Your email address will not be published. Required fields are marked *