ਮਾਡਲ ਟਾਊਨ ‘ਚ ਮਸਾਜ ਪਾਰਲਰ ਦੀ ਆੜ ‘ਚ ਦੇਹ ਵਪਾਰ, ਪੁਲਿਸ ਦੀ ਮਿਲੀਭੁਗਤ ਨਾਲ ਸ਼ਰੇਆਮ ਚੱਲ ਰਿਹਾ ‘ਸਪਾ ਵਰਲਡ’
ਜਲੰਧਰ:- 29 ਜਨਵਰੀ 2026 (DIN Beauro) ਜਲੰਧਰ ਸ਼ਹਿਰ ਦੇ ਮਾਡਲ ਟਾਊਨ ਇਲਾਕੇ ਤੋਂ ਇੱਕ ਗੰਭੀਰ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ,ਜਿੱਥੇ ਮਸਾਜ ਪਾਰਲਰ ਦੀ ਆੜ ‘ਚ ਪ੍ਰੋਫੈਸ਼ਨਲ ਦੇਹ ਵਪਾਰ ਸ਼ਰੇਆਮ ਚਲਾਇਆ ਜਾ ਰਿਹਾ ਹੈ। ਮਸੰਦ ਚੌਂਕ ਦੇ ਬਿਲਕੁਲ ਨੇੜੇ “ਸਪਾ ਵਰਲਡ” ਨਾਮ ਦਾ ਇੱਕ ਮਸਾਜ ਪਾਰਲਰ ਜਲੰਧਰ ਪੁਲਿਸ ਦੀ ਖੁੱਲ੍ਹੀ ਮਿਲੀਭੁਗਤ ਨਾਲ ਲੰਬੇ ਸਮੇਂ ਤੋਂ ਗੈਰ-ਕਾਨੂੰਨੀ ਧੰਦੇ ਦਾ ਅੱਡਾ ਬਣਿਆ ਹੋਇਆ ਹੈ। ਸੂਤਰਾਂ ਮੁਤਾਬਕ, ਇਸ ਮਸਾਜ ਪਾਰਲਰ ਵਿੱਚ ਨੌਜਵਾਨ ਲੜਕੀਆਂ ਨੂੰ ਰੱਖ ਕੇ ਲੜਕਿਆਂ ਨੂੰ ਮਸਾਜ ਦੇ ਨਾਮ ‘ਤੇ ਅੰਦਰ ਬੁਲਾਇਆ ਜਾਂਦਾ ਹੈ। ਸ਼ੁਰੂ ‘ਚ ਮਸਾਜ ਦੇ ਰੇਟ ਇੱਕ ਹਜ਼ਾਰ ਤੋਂ ਦੋ ਹਜ਼ਾਰ ਰੁਪਏ ਤੱਕ ਫਿਕਸ ਕੀਤੇ ਜਾਂਦੇ ਹਨ,ਪਰ ਅੰਦਰ ਜਾ ਕੇ ਗਾਹਕਾਂ ਨਾਲ ਲੜਕੀਆਂ ਵੱਲੋਂ ਆਪਣੇ ਸਰੀਰ ਦੇ ਸੌਦੇ ਕੀਤੇ ਜਾਂਦੇ ਹਨ। ਇਸ ਤਰੀਕੇ ਨਾਲ ਇਹ ਥਾਂ ਪੂਰੀ ਤਰ੍ਹਾਂ ਇੱਕ ਪ੍ਰੋਫੈਸ਼ਨਲ ਦੇਹ ਵਪਾਰ ਦੇ ਕੇਂਦਰ ਵਜੋਂ ਚਲ ਰਹੀ ਹੈ। ਸਭ ਤੋਂ ਵੱਡੀ ਅਤੇ ਚੌਕਾਉਣ ਵਾਲੀ ਗੱਲ ਇਹ ਹੈ ਕਿ ਇਹ ਸਭ ਕੁਝ ਮਾਡਲ ਟਾਊਨ ਥਾਣੇ ਦੇ ਐਸਐਚਓ ਅਤੇ ਥਾਣੇ ਦੇ ਹੋਰ ਕਰਮਚਾਰੀਆਂ ਦੀ ਪੂਰੀ ਜਾਣਕਾਰੀ ਅਤੇ ਮਿਲੀਭੁਗਤ ਨਾਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਥਾਣੇ ਦੇ ਅੰਦਰ ਮੌਜੂਦ ਲਗਭਗ ਸਾਰੇ ਹੀ ਮੁਲਾਜ਼ਮ ਇਸ ਨਜਾਇਜ਼ ਸਪਾ ਪਾਰਲਰ ਤੋਂ ਮਹੀਨਾਵਾਰ ਵਸੂਲੀ ਕਰਦੇ ਨਜ਼ਰ ਆ ਰਹੇ ਹਨ, ਜਿਸ ਕਰਕੇ ਪੁਲਿਸ ਵੱਲੋਂ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਏਸੀਪੀ ਮਾਡਲ ਟਾਊਨ ਅਤੇ ਐਸਐਚਓ ਮਾਡਲ ਟਾਊਨ ਥਾਣਾ — ਦੋਹਾਂ ਦੀ ਸੰਪੂਰਨ ਤੌਰ ‘ਤੇ ਮਿਲੀਭੁਗਤ ਇਸ ਮਾਮਲੇ ‘ਚ ਸਾਫ਼ ਦਿਖਾਈ ਦੇ ਰਹੀ ਹੈ। ਲੋਕਾਂ ਵਿੱਚ ਇਹ ਚਰਚਾ ਆਮ ਹੈ ਕਿ ਜਿਵੇਂ ਇਸ ਨਜਾਇਜ਼ ਸਪਾ ਪਾਰਲਰ ‘ਤੇ ਪੁਲਿਸ ਦਾ ਸਿੱਧਾ ਹੱਥ ਰੱਖਿਆ ਗਿਆ ਹੋਵੇ। ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦਾ ਗੈਰ-ਕਾਨੂੰਨੀ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ,ਪਰ ਮਾਡਲ ਟਾਊਨ ਦਾ ਇਹ ਮਾਮਲਾ ਉਹਨਾਂ ਦਾਅਵਿਆਂ ਦੀ ਪੋਲ ਖੋਲ੍ਹਦਾ ਨਜ਼ਰ ਆ ਰਿਹਾ ਹੈ। ਹਕੀਕਤ ਇਹ ਹੈ ਕਿ ਜਿੱਥੇ ਪੁਲਿਸ ਦੀ “ਜੇਬ ਗਰਮ” ਹੋ ਰਹੀ ਹੋਵੇ,ਉੱਥੇ ਨਜਾਇਜ਼ ਕੰਮਾਂ ਨੂੰ ਨਜ਼ਰਅੰਦਾਜ਼ ਹੀ ਨਹੀਂ ਕੀਤਾ ਜਾਂਦਾ, ਸਗੋਂ ਉਹਨਾਂ ਨੂੰ ਸੁਰੱਖਿਆ ਵੀ ਦਿੱਤੀ ਜਾਂਦੀ ਹੈ। ਹੁਣ ਸਭ ਦੀ ਨਿਗਾਹ ਉੱਚ ਅਧਿਕਾਰੀਆਂ ‘ਤੇ ਟਿਕੀ ਹੋਈ ਹੈ ਕਿ ਕੀ ਇਸ ਮਾਮਲੇ ‘ਚ ਸੱਚਮੁੱਚ ਕੋਈ ਸਖ਼ਤ ਕਾਰਵਾਈ ਹੋਵੇਗੀ ਜਾਂ ਫਿਰ ਇਹ ਨਜਾਇਜ਼ ਧੰਦਾ ਇੰਝ ਹੀ ਪੁਲਿਸ ਦੀ ਛਾਂਹ ਹੇਠ ਚੱਲਦਾ ਰਹੇਗਾ।
